ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜ੍ਹ੍ਹਾਯਾ ਤਿਸੁ ਪ੍ਰਸਾਦਿ ਵਸਿ ਪੰਚ ਕਰੇ ॥ ਮਿਹਰਬਾਨ ਸੱਚੇ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕਰ ਦਿਤਾ ਹੈ ਅਤੇ ਉਨ੍ਹਾਂ ਦੀ ਦਇਆ ਦੁਆਰਾ, ਮੈਂ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਲਿਆ ਹੈ। ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੩॥ ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਦਾਸ ਦੇ ਪੁਤ੍ਰ ਗੁਰੂ ਰਾਮਦਾਸ ਜੀ ਖਾਲੀ ਸਰੋਵਰਾਂ ਨੂੰ ਪਰੀਪੂਰਨ ਕਰ ਦਿੰਦੇ ਹਨ। ਅਨਭਉ ਉਨਮਾਨਿ ਅਕਲ ਲਿਵ ਲਾਗੀ ਪਾਰਸੁ ਭੇਟਿਆ ਸਹਜ ਘਰੇ ॥ ਨਿਰਲੇਪ ਮਨ ਨਾਲ, ਗੁਰਾਂ ਦੀ ਪ੍ਰੀਤ ਭੈ-ਰਹਿਤ ਅਤੇ ਅਗਾਧ ਪ੍ਰਭੂ ਨਾਲ ਪੈ ਗਈ ਹੈ ਅਤੇ ਉਹ ਆਪਣੇ ਧਾਮ ਅੰਦਰ ਹੀ ਰਸਾਇਣ ਵਾਹਿਗੁਰੂ ਨਾਲ ਮਿਲ ਪਏ ਹਨ। ਸਤਗੁਰ ਪਰਸਾਦਿ ਪਰਮ ਪਦੁ ਪਾਯਾ ਭਗਤਿ ਭਾਇ ਭੰਡਾਰ ਭਰੇ ॥ ਸੱਚੇ ਗੁਰਾਂ ਦੀ ਦਇਆ ਦੁਆਰਾ ਉਨ੍ਹਾਂ ਨੂੰ ਮਹਾਨ ਮਰਤਬਾ ਪਰਾਪਤ ਹੋ ਗਿਆ ਹੈ ਅਤੇ ਉਨ੍ਹਾਂ ਦੇ ਖਜਾਨੇ ਸਿਮਰਨ ਤੇ ਪ੍ਰੇਮ ਨਾਲ ਪਰੀਪੂਰਨ ਹਨ। ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ ॥ ਉਹ ਹੋਰ ਜਨਮਾਂ ਤੋਂ ਖਲਾਸੀ ਪਾ ਗਏ ਹਨ, ਉਨ੍ਹਾਂ ਦਾ ਮੌਤ ਦਾ ਡਰ ਦੂਰ ਹੋ ਗਿਆ ਹੈ ਅਤੇ ਉਨ੍ਹਾਂ ਦਾ ਮਨ ਸੰਤੁਸ਼ਟਤਾ ਦੇ ਸਮੁੰਦਰ ਵਾਹਿਗੁਰੂ ਨਾਲ ਜੁੜ ਗਿਆ ਹੈ। ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੪॥ ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਦਾਸ ਦੇ ਪੁਤ੍ਰ ਗੁਰੂ ਰਾਮਦਾਸ ਜੀ, ਖਾਲੀ ਸਰੋਵਰਾਂ ਨੂੰ ਪਰੀਪੂਰਨ ਕਰ ਦਿੰਦੇ ਹਨ। ਅਭਰ ਭਰੇ ਪਾਯਉ ਅਪਾਰੁ ਰਿਦ ਅੰਤਰਿ ਧਾਰਿਓ ॥ ਖਾਲੀਆਂ ਨੂੰ ਤੂੰ ਪਰੀਪੂਰਨ ਕਰ ਦਿੰਦਾ ਹੈ, ਹੇ ਗੁਰਦੇਵ! ਤੂੰ ਬੇਅੰਤ ਪ੍ਰਭੂ ਨੂੰ ਪਾ ਲਿਆ ਹੈ, ਜਿਸ ਨੂੰ ਤੂੰ ਆਪਣੇ ਹਿਰਦੇ ਅੰਦਰ ਟਿਕਾਇਆ ਹੋਇਆ ਹੈ। ਦੁਖ ਭੰਜਨੁ ਆਤਮ ਪ੍ਰਬੋਧੁ ਮਨਿ ਤਤੁ ਬੀਚਾਰਿਓ ॥ ਆਪਣੇ ਚਿੱਤ ਅੰਦਰ ਤੂੰ ਸਾਰ ਵਸਤੂ ਦਾ ਸਿਮਰਨ ਕਰਦਾ ਹੈ, ਜੋ ਕਸ਼ਟ ਹਰਣਹਾਰ ਅਤੇ ਆਤਮਾ ਨੂੰ ਜਗਾਉਣਹਾਰ ਹੈ। ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ ॥ ਤੂੰ ਸਦੀਵ ਹੀ ਪ੍ਰਭੂ ਦੀ ਪ੍ਰੀਤ ਨੂੰ ਲੋਚਦਾ ਹੈ ਅਤੇ ਖੁਦ ਹੀ ਇਸ ਪ੍ਰੀਤ ਦੇ ਸੁਆਦ ਨੂੰ ਅਨੁਭਵ ਕਰਦਾ ਹੈ। ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ ॥ ਸੱਚੇ ਗੁਰਾਂ ਦੀ ਰਹਿਮਤ ਸਦਕਾ ਤੂੰ ਬੈਕੁੰਠੀ ਅਨੰਦ ਨੂੰ ਆਰਾਮ ਨਾਲ ਭੋਗਦਾ ਹੈ। ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ ॥ ਨਾਨਕ ਦੀ ਮਿਹਰ ਅਤੇ ਅੰਗਦ ਦੀ ਸ਼੍ਰੇਸ਼ਟ ਸਿਖਿਆ ਰਾਹੀਂ ਗੁਰੂ ਅਮਰਦਾਸ ਨੇ ਸੁਆਮੀ ਦਾ ਫੁਰਮਾਨ ਪ੍ਰਚਲਤ ਕੀਤਾ ਹੈ। ਗੁਰ ਰਾਮਦਾਸ ਕਲ੍ਯ੍ਯੁਚਰੈ ਤੈਂ ਅਟਲ ਅਮਰ ਪਦੁ ਪਾਇਓ ॥੫॥ ਭੱਟ ਕਲ ਕਹਿੰਦਾ ਹੈ, ਤੂੰ ਹੇ ਗੁਰੂ ਰਾਮਦਾਸ! ਅਹਿੱਲ ਅਤੇ ਅਬਿਨਾਸ਼ੀ ਪਦਵੀ ਪਰਾਪਤ ਕਰ ਲਈ ਹੈ। ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ ॥ ਤੂੰ ਸੰਤੁਸ਼ਟ ਦੇ ਤਾਲਾਬ ਅੰਦਰ ਵਸਦਾ ਹੈ ਅਤੇ ਤੇਰੀ ਜਿਹਭਾ ਰਸੀਲੇ ਨਾਮ-ਅੰਮ੍ਰਿਤ ਨੂੰ ਜਾਹਰ ਕਰਦੀ ਹੈ। ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ ॥ ਤੇਰੇ ਨਾਲ ਮਿਲਣ ਦੁਆਰਾ ਠੰਡ-ਚੈਨ ਉਤਪੰਨ ਹੋ ਆਉਂਦੀ ਹੈ ਅਤੇ ਪਾਪ ਪ੍ਰਾਣੀ ਦੇ ਮਨ ਤੋਂ ਦੂਰ ਦੌੜ ਜਾਂਦਾ ਹੈ। ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ ॥ ਗੁਰੂ ਅਮਰਦਾਸ ਜੀ ਦੇ ਬਖਸ਼ੇ ਹੋਏ ਤੂੰ ਆਰਾਮ ਦੇ ਸਮੁੰਦਰ ਨੂੰ ਪਾ ਲਿਆ ਹੈ ਅਤੇ ਆਪਣੇ ਰੱਬ ਦੇ ਰਾਹ ਅੰਦਰ ਤੂੰ ਹਾਰਦਾ ਹੁਟਦਾ ਨਹੀਂ। ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ ॥ ਤੇਰੇ ਸਵੈ-ਜ਼ਬਤ ਸੱਚ, ਸੰਤੁਸ਼ਟਤਾ ਅਤੇ ਨਿੰਮਰਤਾ ਦਾ ਸੰਜੋਅ ਟੁਟਦਾ ਨਹੀਂ। ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥ ਬਿਧਾਤੇ-ਸੁਆਮੀ ਨੇ ਪ੍ਰਮਾਣੀਕ ਸੱਚੇ ਗੁਰਾਂ ਨੂੰ ਰਚਿਆ ਹੈ ਅਤੇ ਸੰਸਾਰ ਉਨ੍ਹਾਂ ਦੀ ਕੀਰਤੀ ਦਾ ਬਿਗਲਲ ਵਜਾਉਂਦਾ ਹੈ। ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਅਭੈ ਅਮਰ ਪਦੁ ਪਾਇਅਉ ॥੬॥ ਕਲ ਆਖਦਾ ਹੈ, ਤੂੰ ਹੇ ਗੁਰੂ ਅਮਰਦਾਸ! ਅਹਿੱਲ ਅਬਿਨਾਸ਼ੀ ਮਰਤਬਾ ਪਰਾਪਤ ਕਰ ਲਿਆ ਹੈ। ਜਗੁ ਜਿਤਉ ਸਤਿਗੁਰ ਪ੍ਰਮਾਣਿ ਮਨਿ ਏਕੁ ਧਿਆਯਉ ॥ ਤੂੰ ਹੇ ਪ੍ਰਮਾਣੀਕ ਸੱਚੇ ਗੁਰੂ! ਸੰਸਾਰ ਨੂੰ ਫਤਹ ਕਰ ਲਿਆ ਹੈ ਅਤੇ ਆਪਣੇ ਚਿੱਤ ਅੰਦਰ ਇਕ ਸੁਆਮੀ ਦਾ ਸਿਮਰਨ ਕਰਦਾ ਹੈ। ਧਨਿ ਧਨਿ ਸਤਿਗੁਰ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ ॥ ਮੁਬਾਰਕ, ਮੁਬਾਰਕ ਹਨ ਸੱਚੇ ਗੁਰੂ ਅਮਰਦਾਸ ਜੀ, ਜਿਨ੍ਹਾਂ ਨੇ ਉਨ੍ਹਾਂ ਦੇ ਅੰਦਰ ਨਾਮ ਅਸਥਾਪਨ ਕੀਤਾ ਹੈ। ਨਵ ਨਿਧਿ ਨਾਮੁ ਨਿਧਾਨੁ ਰਿਧਿ ਸਿਧਿ ਤਾ ਕੀ ਦਾਸੀ ॥ ਪ੍ਰਭੂ ਦਾ ਨਾਮ ਨੌ ਕਿਸਮਾਂ ਦੇ ਪਦਾਰਥਾਂ ਦਾ ਖਜਾਨਾ ਹੈ। ਇਕਬਾਲ ਅਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦੀਆਂ ਟਹਿਲਣਾ ਹਨ। ਸਹਜ ਸਰੋਵਰੁ ਮਿਲਿਓ ਪੁਰਖੁ ਭੇਟਿਓ ਅਬਿਨਾਸੀ ॥ ਉਨ੍ਹਾਂ ਨੂੰ ਬ੍ਰਹਿਮ-ਬੋਧ ਦੇ ਸਮੁੰਦਰ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਉਹ ਨਾਸ-ਰਹਿਤ ਸੁਆਮੀ ਨੂੰ ਮਿਲ ਪਏ ਹਨ। ਆਦਿ ਲੇ ਭਗਤ ਜਿਤੁ ਲਗਿ ਤਰੇ ਸੋ ਗੁਰਿ ਨਾਮੁ ਦ੍ਰਿੜਾਇਅਉ ॥ ਗੁਰਾਂ ਨੇ ਉਨ੍ਹਾਂ ਅੰਦਰ ਉਹ ਨਾਮ ਪੱਕਾ ਕੀਤਾ ਹੈ, ਜਿਸ ਨਾਲ ਜੁੜ ਕੇ ਪਰਾ ਪੂਰਬਲੇ ਸਮੇ ਤੋਂ ਸੰਤ ਹਮੇਸ਼ਾਂ ਪਾਰ ਉਤਰ ਜਾਂਦੇ ਰਹੇ ਹਨ। ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਹਰਿ ਪ੍ਰੇਮ ਪਦਾਰਥੁ ਪਾਇਅਉ ॥੭॥ ਕਵੀਸ਼ਰ, ਕਲ ਆਖਦਾ ਹੈ, ਤੈਨੂੰ ਹੇ ਗੁਰੂ ਰਾਮਦਾਸ! ਪ੍ਰਭੂ ਦੇ ਪਿਆਰ ਦੀ ਦੌਲਤ ਪਰਾਪਤ ਹੋਈ ਹੈ। ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ ॥ ਪਿਆਰੀ-ਉਪਾਸ਼ਨਾ ਅਤੇ ਪੂਰਬਲੇ ਜਨਮਾਂ ਦੀ ਪਿਰਹੜੀ ਦਾ ਬਹਾਉ ਰੁਕਦਾ ਨਹੀਂ। ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ ਰਸੁ ਗੁਟਇ ॥ ਸੱਚੇ ਗੁਰੂ ਜੀ ਬੇਅੰਤ ਪ੍ਰਭੂ ਦੀ ਸੁਰਜੀਤ ਕਰਨ ਵਾਲੀ ਨਦੀ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ। ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥ ਸਿਆਣਪ ਉਨ੍ਹਾਂ ਦੀ ਮਾਂ ਹੈ ਅਤੇ ਸੰਤੁਸ਼ਟਤਾ ਉਨ੍ਹਾਂ ਦਾ ਬਾਪੂ ਅਤੇ ਉਹ ਅਡੋਲਤਾ ਦੇ ਸਮੁੰਦਰ ਵਿੱਚ ਲੀਨ ਹੋਏ ਹਨ। ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ ॥ ਗੁਰੂ ਜੀ ਅਜਨਮੇ ਅਤੇ ਸਵੈ-ਪ੍ਰਕਾਸ਼ਵਾਨ ਪ੍ਰਭੂ ਦੇ ਸਰੂਪ ਹਨ ਅਤੇ ਆਪਣੀ ਬਾਣੀ ਦੁਆਰਾ ਸੰਸਾਰ ਦਾ ਪਾਰ ਉਤਾਰਾ ਕਰਦੇ ਹਨ। ਅਬਿਗਤ ਅਗੋਚਰੁ ਅਪਰਪਰੁ ਮਨਿ ਗੁਰ ਸਬਦੁ ਵਸਾਇਅਉ ॥ ਆਪਣੇ ਹਿਰਦੇ ਅੰਦਰ, ਗੁਰਾਂ ਨੇ ਅਦ੍ਰਿਸ਼ਟ ਅਤੇ ਅਗਾਧ ਪਰਮ ਪ੍ਰਭੂ ਦੇ ਨਾਮ ਨੂੰ ਟਿਕਾਇਆ ਹੋਇਆ ਹੈ। ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਜਗਤ ਉਧਾਰਣੁ ਪਾਇਅਉ ॥੮॥ ਕਲ ਆਖਦਾ ਹੈ, ਹੇ ਗੁਰੂ ਰਾਮਦਾਸ! ਤੂੰ ਸੰਸਾਰ ਨੂੰ ਪਾਰ ਕਰਨ ਵਾਲੇ ਵਾਹਿਗੁਰੂ ਨੂੰ ਪਾ ਲਿਆ ਹੈ। ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ ॥ ਹਰੀ ਦਾ ਨਾਮ ਆਲਮ ਦਾ ਨਿਸਤਾਰਾ ਕਰਨ ਵਾਲਾ ਅਤੇ ਨੌ ਖਜਾਨੇ ਦੇਣਹਾਰ ਹੈ ਅਤੇ ਸਾਧੂਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ ॥ ਸੁਆਮੀ ਦੇ ਨਾਮ ਦੀ ਅੰਮ੍ਰਿਤਮਈ ਕਣੀ ਪਾਪਾਂ ਦੀ ਜ਼ਹਿਰ ਲਈ ਜ਼ਹਿਰ-ਮੁਹਰਾ ਹੈ। ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ॥ ਅਡੋਲਤਾ ਦਾ ਬਿਰਛ ਮੌਲਦਾ ਹੈ ਅਤੇ ਉਸ ਨੂੰ ਬ੍ਰਹਿਮ-ਬੋਧ ਦਾ ਅੰਮ੍ਰਿਤਮਈ ਮੇਵਾ ਲਗਦਾ ਹੈ। ਗੁਰ ਪ੍ਰਸਾਦਿ ਪਾਈਅਹਿ ਧੰਨਿ ਤੇ ਜਨ ਬਡਭਾਗੇ ॥ ਸੁਲੱਖਣੇ ਅਤੇ ਪਰਮ ਨਸੀਬਾਂ ਵਾਲੇ ਹਨ ਉਹ ਪੁਰਸ਼, ਜੋ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦੇ ਹਨ। ਤੇ ਮੁਕਤੇ ਭਏ ਸਤਿਗੁਰ ਸਬਦਿ ਮਨਿ ਗੁਰ ਪਰਚਾ ਪਾਇਅਉ ॥ ਸੱਚੇ ਗੁਰਾਂ ਦੀ ਬਾਣੀ ਦੁਆਰਾ, ਉਹ ਮੋਖਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਚਿੱਤ ਅੰਦਰ ਗੁਰਾਂ ਦੀ ਸਿਆਣਪ ਆ ਜਾਂਦੀ ਹੈ। ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਸਬਦ ਨੀਸਾਨੁ ਬਜਾਇਅਉ ॥੯॥ ਕਲ ਕਹਿੰਦਾ ਹੈ, ਹੇ ਗੁਰੂ ਰਾਮਦਾਸ! ਤੂੰ ਸੁਆਮੀ ਦੇ ਨਾਮ ਦਾ ਨਗਾਰਾ ਵਜਾਇਆ ਹੈ। copyright GurbaniShare.com all right reserved. Email |