ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥ ਗੁਰਾਂ ਦੀ ਦਇਆ ਦੁਆਰਾ, ਮਹਾਨ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਅਤੇ ਮਨੂਆ ਸਾਧ ਸੰਗਤ ਅੰਦਰ ਲੀਨ ਹੋ ਜਾਂਦਾ ਹੈ। ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥੩॥੧੩॥੪੨॥ ਤਤਾਂ ਨੂੰ ਇਕੱਤਰ ਕਰ, ਤੂੰ ਇਸ ਜਗਤ ਦੀ ਵਿਸ਼ਾਲ ਲੀਲ੍ਹਾ ਅਤੇ ਖੇਡ ਨੂੰ ਰਚਿਆ ਹੈ, ਹੇ ਭਗਵਾਨ! ਇਹ ਸਾਰੀ ਤੇਰੀ ਹੀ ਪੈਦਾਇਸ਼ ਹੈ। ਅਗਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨ ਜਾਣੈ ॥ ਬੇਥਾਹ, ਬੇਅੰਤ ਅਤੇ ਆਰੰਭ-ਰਹਿਤ ਹੈ ਪ੍ਰਭੂ ਜਿਸ ਦੇ ਮੁਢ ਨੂੰ ਕੋਈ ਭੀ ਨਹੀਂ ਜਾਣਦਾ। ਸਿਵ ਬਿਰੰਚਿ ਧਰਿ ਧ੍ਯ੍ਯਾਨੁ ਨਿਤਹਿ ਜਿਸੁ ਬੇਦੁ ਬਖਾਣੈ ॥ ਐਸਾ ਹੈ ਪ੍ਰਭੂ ਜਿਸ ਦਾ ਸ਼ਿਵਜੀ ਅਤੇ ਬ੍ਰਹਮਾ ਚਿੰਤਨ ਕਰਦੇ ਹਨ ਅਤੇ ਜਿਸ ਨੂੰ ਵੇਦ ਸਦਾ ਹੀ ਵਰਨਣ ਕਰਦੇ ਹਨ। ਨਿਰੰਕਾਰੁ ਨਿਰਵੈਰੁ ਅਵਰੁ ਨਹੀ ਦੂਸਰ ਕੋਈ ॥ ਸਰੂਪ-ਰਹਿਤ ਅਤੇ ਦੁਸ਼ਮਨੀ-ਵਿਹੁਣ ਹੈ ਉਹ ਅਤੇ ਉਸ ਦੇ ਬਗੈਰ ਕੋਈ ਹੋਰ ਦੂਜਾ ਹੈ ਹੀ ਨਹੀਂ। ਭੰਜਨ ਗੜ੍ਹਣ ਸਮਥੁ ਤਰਣ ਤਾਰਣ ਪ੍ਰਭੁ ਸੋਈ ॥ ਉਹ ਪ੍ਰਭੂ ਨਾਸ ਕਰਨ ਅਤੇ ਰਚਨ ਨੂੰ ਸਰਬ-ਸ਼ਕਤੀਵਾਨ ਹੈ ਅਤੇ ਪਾਰ ਹੋਣ ਲਈ ਇਕ ਜਹਾਜ ਹੈ। ਨਾਨਾ ਪ੍ਰਕਾਰ ਜਿਨਿ ਜਗੁ ਕੀਓ ਜਨੁ ਮਥੁਰਾ ਰਸਨਾ ਰਸੈ ॥ ਆਪਣੀ ਜੀਭਾ ਨਾਲ ਗੋਲਾ ਮਥਰਾ, ਉਸ ਦੀ ਉਸਤਤੀ ਖੁਸ਼ੀ ਨਾਲ ਊਚਾਰਦਾ ਹੈ, ਜਿਸ ਨੇ ਅਨੇਕਾਂ ਤਰੀਕਿਆਂ ਨਾਲ ਸੰਸਾਰ ਨੂੰ ਰਚਿਆ ਹੈ। ਸ੍ਰੀ ਸਤਿ ਨਾਮੁ ਕਰਤਾ ਪੁਰਖੁ ਗੁਰ ਰਾਮਦਾਸ ਚਿਤਹ ਬਸੈ ॥੧॥ ਸਿਰਜਣਹਾਰ-ਸੁਆਮੀ ਦਾ ਉਪਮਾਯੋਗ ਸਚਾ ਨਾਮ ਗੁਰੂ ਰਾਮਦਾਸ ਜੀ ਦੇ ਮਨ ਅੰਦਰ ਵਸਦਾ ਹੈ। ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ ਸੁਮਤਿ ਸਮ੍ਹਾਰਨ ਕਉ ॥ ਆਪਣੀ ਅਕਲ ਨੂੰ ਅਸਥਿਰ ਅਤੇ ਆਪਣੀ ਸ਼੍ਰੇਸ਼ਟ ਸਮਝ ਨੂੰ ਸ਼ਸ਼ੋਭਤ ਕਰਨ ਲਈ, ਮੈਂ ਸਰਬ-ਸ਼ਕਤੀਵਾਨ ਗੁਰਦੇਵ ਜੀ ਨੂੰ ਪਕੜਿਆ ਹੈ! ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ ॥ ਪੁੰਨਾਂ, ਪਾਪਾਂ ਦੀਆਂ ਸਾਰੀਆਂ ਲਹਿਰਾਂ ਨੂੰ ਪਰੇ ਹਟਾਉਣ ਲਈ ਉਨ੍ਹਾਂ ਦਾ ਸਚਾਈ ਦਾ ਝੰਡਾ ਹਮੇਸ਼ਾਂ ਲਹਿਰਾਉਂਦਾ ਹੈ। ਮਥੁਰਾ ਜਨ ਜਾਨਿ ਕਹੀ ਜੀਅ ਸਾਚੁ ਸੁ ਅਉਰ ਕਛੂ ਨ ਬਿਚਾਰਨ ਕਉ ॥ ਇਸ ਨੂੰ ਆਪਣੇ ਮਨ ਵਿੱਚ ਇਸ ਤਰ੍ਹਾਂ ਜਾਣ ਕੇ ਗੋਲੇ ਮਥਰੇ ਨੇ ਸੰਚ ਆਖਿਆ ਹੈ। ਇਸ ਤੋਂ ਛੁਟ ਹੋਰ ਕੁਝ ਭੀ ਨਹੀਂ, ਜਿਸ ਨੂੰ ਕਿ ਬੰਦਾ ਸੋਚੇ ਅਤੇ ਵਿਚਾਰੇ। ਹਰਿ ਨਾਮੁ ਬੋਹਿਥੁ ਬਡੌ ਕਲਿ ਮੈ ਭਵ ਸਾਗਰ ਪਾਰਿ ਉਤਾਰਨ ਕਉ ॥੨॥ ਇਸ ਕਾਲੇ ਯੁਗ ਅੰਦਰ, ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਵਾਹਿਗੁਰੂ ਦਾ ਨਾਮ ਇਕ ਵੱਡਾ ਜਹਾਜ ਹੈ। ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ ॥ ਸਾਧੂਆਂ ਅਤੇ ਸਾਧ-ਸੰਗਤ ਨਾਲ ਜੁੜ ਕੇ ਅਤੇ ਸ਼੍ਰੇਸ਼ਟਾ ਪ੍ਰੇਮ ਨਾਲ ਰੰਗੀਜ, ਗੁਰੂ ਜੀ ਸਾਈਂ ਦੀ ਕੀਰਤੀ ਗਾਇਨ ਕਰਦੇ ਹਨ। ਧ੍ਰਮ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ ॥ ਧਰਤੀ ਦੇ ਆਸਰੇ, ਗੁਰਾਂ ਨੇ ਇਹ ਸੱਚ ਦਾ ਮਾਰਗ ਅਸਥਾਪਨ ਕੀਤਾ ਹੈ। ਉਹ ਖੁਦ ਪ੍ਰਭੂ ਨਾਲ ਪਿਰਹੜੀ ਪਾਈ ਰਖਦੇ ਹਨ ਅਤੇ ਹੋਰ ਕਿਸੇ ਮਗਰ ਨਹੀਂ ਦੌੜਦੇ। ਮਥੁਰਾ ਭਨਿ ਭਾਗ ਭਲੇ ਉਨ੍ਹ੍ਹ ਕੇ ਮਨ ਇਛਤ ਹੀ ਫਲ ਪਾਵਤ ਹੈ ॥ ਚੰਗੇ ਹਨ ਨਸੀਬ ਉਨ੍ਹਾਂ ਦੇ ਜੋ ਗੁਰਾਂ ਦੀ ਘਾਲ ਕਮਾ, ਆਪਣੇ ਚਿੱਤ-ਚਾਹੁੰਦੇ ਮੇਵੇ ਪਾਉਂਦੇ ਹਨ, ਉਚਾਰਨ ਕਰਦਾ ਹੈ ਮਥਰਾ ਭੱਟ। ਰਵਿ ਕੇ ਸੁਤ ਕੋ ਤਿਨ੍ਹ੍ਹ ਤ੍ਰਾਸੁ ਕਹਾ ਜੁ ਚਰੰਨ ਗੁਰੂ ਚਿਤੁ ਲਾਵਤ ਹੈ ॥੩॥ ਜੋ ਗੁਰਾਂ ਦੇ ਪੈਰਾਂ ਨਾਲ ਆਪਣੀ ਬਿਰਤੀ ਨੂੰ ਜੋੜਦੇ ਹਨ, ਉਨ੍ਹਾਂ ਨੂੰ ਸੂਰਜ ਦੇ ਪੁਤ੍ਰ ਧਰਮਰਾਜੇ ਦਾ ਡਰ ਕਿਸ ਤਰ੍ਹਾਂ ਹੋ ਸਕਦਾ ਹੈ? ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ ॥ ਗੁਰੂ ਜੀ ਪਵਿੱਤਰ ਨਾਮ-ਅੰਮ੍ਰਿਤ ਦੇ ਪਰੀਪੂਰਨ ਸਰੋਵਰ ਹਨ, ਜਿਸ ਵਿੱਚ ਦਿਨ ਚੜ੍ਹਨ ਤੋਂ ਪਹਿਲਾ ਹੀ ਗੁਰਬਾਣੀ ਦੀਆਂ ਲਹਿਰਾ ਪ੍ਰਕਾਸ਼ ਹੋ ਜਾਂਦੀਆਂ ਹਨ। ਗਹਿਰ ਗੰਭੀਰੁ ਅਥਾਹ ਅਤਿ ਬਡ ਸੁਭਰੁ ਸਦਾ ਸਭ ਬਿਧਿ ਰਤਨਾਗਰੁ ॥ ਉਹ ਡੂੰਘੇ ਅਹਿੱਲ ਬੇਥਾਹ, ਪਰਮ ਵਿਸ਼ਾਲ, ਸਦੀਵ ਹੀ ਪਰੀਪੂਰਨ ਅਤੇ ਹਰ ਤਰ੍ਹਾਂ ਜਵੇਹਰਾਂ ਦੀ ਖਾਨ ਹਨ। ਸੰਤ ਮਰਾਲ ਕਰਹਿ ਕੰਤੂਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ ॥ ਸਾਧੂ ਰਾਜਹੰਸ ਗੁਰੂ ਦੇ ਸਰੋਵਰ ਵਿੱਚ ਅਨੰਦ ਮਾਣਦੇ ਹਨ ਅਤੇ ਉਨ੍ਹਾਂ ਦਾ ਮੌਤ ਦਾ ਡਰ ਅਤੇ ਪੀੜਾਂ ਦੇ ਲੇਖੇ ਪੱਤੇ ਦਾ ਕਾਗਜ ਨਾਸ ਹੋ ਗਏ ਹਨ। ਕਲਜੁਗ ਦੁਰਤ ਦੂਰਿ ਕਰਬੇ ਕਉ ਦਰਸਨੁ ਗੁਰੂ ਸਗਲ ਸੁਖ ਸਾਗਰੁ ॥੪॥ ਇਸ ਕਲ ਯੁਗ ਅੰਦਰ, ਸਾਰੇ ਆਰਾਮਾਂ ਦੇ ਸਮੁੰਦਰ ਗੁਰਾਂ ਦਾ ਦੀਦਾਰ, ਪ੍ਰਾਣੀ ਦੀ ਪਾਪਾਂ ਤੋਂ ਖਲਾਸੀ ਕਰਾ ਦਿੰਦਾ ਹੈ। ਜਾ ਕਉ ਮੁਨਿ ਧ੍ਯ੍ਯਾਨੁ ਧਰੈ ਫਿਰਤ ਸਗਲ ਜੁਗ ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ ॥ ਜਿਸ ਦੀ ਖਾਤਰ ਆਪਣੀ ਬਿਰਤੀ ਜੋੜ ਕੇ, ਰਿਸ਼ੀ ਸਾਰਿਆਂ ਯੁਗਾਂ ਅੰਦਰ ਫਿਰਦੇ ਹਨ, ਕਿਸੇ ਵਿਰਲੇ ਦੀ ਹੀ ਆਤਮਾ ਕਦੇ ਰੋਸ਼ਨ ਹੁੰਦੀ ਹੈ। ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ ॥ ਜਿਸ ਦੀ ਮਹਿਮਾ ਵੇਦਾਂ ਦੇ ਮੰਤਰਾਂ ਨਾਲ ਬ੍ਰਹ੍ਹਮਾ ਗਾਉਂਦਾ ਹੈ ਅਤੇ ਜਿਸ ਦੀ ਖਾਤਰ, ਰਿਸ਼ੀ ਸ਼ਿਵਜੀ ਕੈਲਾਸ਼ ਪਰਬਤ ਨੂੰ ਚਿਮੜਿਆ ਰਹਿੰਦਾਹੈ ਅਤੇ ਇਸ ਨੂੰ ਛੱਡਦਾ ਨਹੀਂ। ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ॥ ਜਿਸ ਦੀ ਖਾਤਰ ਵੈਰਾਗੀ ਹੋ ਅਤੇ ਮਜਹਬੀ ਭੇਸ ਧਾਰ ਕੇ ਫਿਰਦੇ ਹਨ ਵਾਲਾਂ ਦੀਆਂ ਲਿਆਂ ਵਾਲੇ ਯੋਗੀ, ਬ੍ਰਹਮਚਾਰੀ, ਕਰਾਮਾਤੀ ਬੰਦੇ, ਅਭਿਆਸੀ ਅਤੇ ਅਨੇਕਾਂ ਤਪੀਸਰ। ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ॥੫॥ ਉਨ੍ਹਾਂ ਸੱਚੇ ਗੁਰਾਂ ਨੇ ਆਪਣੀ ਪਰਸੰਨਤਾ ਰਾਹੀਂ ਸਾਰੇ ਜੀਵਾਂ ਉਤੇ ਮਿਹਰ ਕੀਤੀ ਅਤੇ ਗੁਰੂ ਰਾਮਦਾਸ ਜੀ ਨੂੰ ਨਾਮ ਦੀ ਪ੍ਰਭਤਾ ਪਰਦਾਨ ਕੀਤੀ। ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ ॥ ਨਾਮ ਦੇ ਖਜਾਨੇ, ਗੁਰੂ ਜੀ, ਮਨ ਅੰਦਰ ਹੀ ਸਾਈਂ ਦਾ ਸਿਮਰਨ ਕਰਦੇ ਹਨ। ਉਹ ਪ੍ਰਕਾਸ਼ ਦਾ ਸਰੂਪ ਹਨ ਅਤੇ ਤਿੰਨਾਂ ਹੀ ਜਹਾਨਾਂ ਨੂੰ ਰੋਸ਼ਨ ਕਰਦੇ ਹਨ। ਦੇਖਤ ਦਰਸੁ ਭਟਕਿ ਭ੍ਰਮੁ ਭਜਤ ਦੁਖ ਪਰਹਰਿ ਸੁਖ ਸਹਜ ਬਿਗਾਸੇ ॥ ਉਨ੍ਹਾਂ ਦਾ ਦਰਸ਼ਨ ਵੇਖਣ ਦੁਆਰਾ, ਸੰਦੇਹ ਤੁਰੰਤ ਦੌੜ ਜਾਂਦਾ ਹੈ ਪੀੜ ਦੂਰ ਹੋ ਜਾਂਦੀ ਹੈ ਅਤੇ ਆਰਾਮ ਸੁਖੈਨ ਹੀ ਉਤਪੰਨ ਹੋ ਆਉਂਦਾ ਹੈ। ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ ॥ ਸਾਰਿਆਂ ਭੌਰਿਆਂ ਦੇ ਫੁੱਲਾਂ ਦੀ ਸੁਗੰਧੀ ਦੀ ਚਾਹਨ ਦੇ ਮਾਨੰਦ, ਗੁਰਾਂ ਦੇ ਗੋਲੇ ਅਤੇ ਮੁਰੀਦ ਉਨ੍ਹਾਂ ਦੇ ਦਰਸ਼ਨਾ ਉਤੋਂ ਸਦੀਵ ਹੀ ਭਾਰੇ ਫਰੇਫਤਾ ਰਹਿੰਦੇ ਹਨ। ਬਿਦ੍ਯ੍ਯਮਾਨ ਗੁਰਿ ਆਪਿ ਥਪ੍ਯ੍ਯਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ ॥੬॥ ਆਪਣੀ ਹਜੂਰੀ ਵਿੱਚ ਗੁਰਾਂ ਨੇ ਖੁਦ ਗੁਰੂ ਰਾਮਦਾਸ ਦਾ ਕਾਲ-ਸਥਾਈ ਅਤੇ ਸੱਚਾ ਰਾਜਸਿੰਘਾਸਣ ਅਸਥਾਪਨ ਕੀਤਾ। copyright GurbaniShare.com all right reserved. Email |